ਪੰਜਾਬ ਕਾਂਗਰਸ ’ਚ ਕੁੱਤ ਕਲੇਸ਼ ਨੇ ਚੋਣਾਂ ਤੋਂ ਪਹਿਲਾਂ ਮਾਂਜੇ ਦੋ ਰਾਜਿਆਂ ਦੇ ਸਿਆਸੀ ਭਾਂਡੇ
(BATHINDA)
REPORTER PS CHAUHAN ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ’ਚ ਨੇਤਾਵਾਂ ਦੇ ਆਪਸੀ ਕੁੱਤ ਕਲੇਸ਼ ਅਤੇ ਸਿਆਸੀ ਚੌਧਰ ਦੀਆਂ ਅੱਥਰੀਆਂ ਲਾਲਸਾਵਾਂ ਕਾਰਨ ਲੰਘੇ ਪੰਜ ਸਾਲਾਂ ਦੌਰਾਨ ਦੋ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਦੋ ਰਾਜਿਆਂ ਦੀ ਬਲੀ ਲੈ ਲਈ ਹੈ। ਇੰਨ੍ਹਾਂ ’ਚ ਪਹਿਲਾ ਰਾਜਾ , ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੈ ਜਿਸ ਨੂੰ ਕਾਂਗਰਸੀ ਆਗੂਆਂ ’ਚ ਚੱਲ ਰਹੀ ਖਾਨਾਜੰਗੀ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਕਰੀਬ 5 ਮਹੀਨੇ ਪਹਿਲਾਂ ਸਤੰਬਰ 2021 ਨੂੰ ਇੱਕ ਤਰਾਂ ਜਲਾਲਤ ਭਰੇ ਢੰਗ ਨਾਲ ਮੁੱਖ ਮੰਤਰੀ ਕੁਰਸੀ ਤੋਂ ਲਾਹ ਦਿੱਤਾ ਗਿਆ ਸੀ। ਹੁਣ ਦੂਸਰਾ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਜਿਸ ਦੀ ਪ੍ਰਧਾਨਗੀ ਕਰੀਬ ਛੇ ਮਹੀਨਿਆਂ ਦੇ ਕੰਜਰ ਕਲੇਸ਼ ਤੋਂ ਬਾਅਦ ਉਸੇ ਤਰੀਕੇ ਨਾਲ ਖੋਹੀ ਗਈ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਦੋਵਾਂ ਨੂੰ ਹਟਾਉਣ ਵਾਲਾ ਮਹੀਨਾ ਲੱਗਭਗ ਇਕੋ ਜਿਹਾ ਸਤੰਬਰ ਅਤੇ ਅਕਤੂਬਰ ਹੀ ਹੈ। ਇੱਥੇ ਇਹ ਜਿਕਰ ਕਰਨਾ ਕੁਥਾਂ ਨਹਂੀ ਹੋਵੇਗਾ ਕਿ ਜਿੱਥੇ ਦੋਵਾਂ ਨੂੂੰ ਰਾਜੇ ਵਜੋਂ ਜਾਣਿਆ ਜਾਂਦਾ ਹੈ ਉੱਥੇ ਹੀ ਨਾਮ ਵੀ ਅਮਰਿੰਦਰ ਸਿੰਘ ਹੈ। ਹਾਲਾਂਕਿ ਰਾਜਾ ਵੜਿੰਗ ਨੂੰ ਪਾਰਟੀ ਚੋਂ ਲਾਂਭੇ ਕਰਨ ਦਾ ‘ਸਿੱਟਾ’ ਕੀ ਨਿਕਲਦਾ ਹੈ ਇਹ ਤਾਂ ਵਿਧਾਨ ਸਭਾ ਚੋਣਾਂ 2027 ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦਾ ਕਾਂਗਰਸ ਪਾਰਟੀ ਨੂੰ ਵੱਡਾ ਖਮਿਆਜਾ ਭੁਗਤਣਾ ਪਿਆ ਸੀ। ਜੋ ਪਾਰਟੀ 2017 ’ਚ ਕੈਪਟਨ ਦੇ ਯਤਨਾਂ ਸਦਕਾ 77 ਹਲਕਿਆਂ ’ਚ ਜਿੱਤਕੇ ਪੰਜਾਬ ਦੀ ਸੱਤਾ ’ਤੇ ਬਿਰਾਜਮਾਨ ਹੋਈ ਸੀ ਉਹ 2022 ’ਚ ਮਸਾਂ 18 ਸੀਟਾਂ ’ਚ ਜਿੱਤ ਸਕੀ ਸੀ। ਰੌਚਕ ਪਹਿਲੂ ਇਹ ਵੀ ਹੈ ਕਿ ਕੈਪਟਨ ਨੂੰ ਹਟਾਉਣ ਵਾਲਿਆਂ ’ਚ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਹਲਕਿਆਂ ਚੋਂ ਅਤੇ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਸਮੇਤ ਕਈ ਲੀਡਰ ਲੋਕ ਰੋਹ ਕਾਰਨ ਹਾਰ ਗਏ ਸਨ।
ਇਸ ਮੌਕੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਚਿਹਰੇ ਵਜੋਂ ਪੇਸ਼ ਕੀਤਾ ਪਰ ਵੋਟਰਾਂ ਨੇ ਕਲੇਸ਼ ਕਾਰਨ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਦਿੱਤਾ ਸੀ। ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਉਸ ਸਮੇਂ ਪ੍ਰਧਾਨਗੀ ਸੌਂਪੀ ਸੀ ਜਦੋਂ ਕਾਂਗਰਸ 2022 ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਪਿੱਛੋਂ ਹਾਸ਼ੀਏ ’ਤੇ ਚਲੀ ਗਈ ਸੀ। ਰਾਜਾ ਵੜਿੰਗ ਨੇ ਸਖਤ ਮਿਹਨਤ ਕੀਤੀ ਜਿਸ ਸਦਕਾ ਕਾਂਗਰਸ ਸੰਸਦੀ ਚੋਣਾਂ 2024 ’ਚ 13 ਹਲਕਿਆਂ ਚੋਂ 7 ਹਲਕੇ ਜਿੱਤਣ ’ਚ ਸਫਲ ਰਹੀ ਸੀ। ਕੋਸ਼ਿਸ਼ਾਂ ਦੇ ਬਾਵਜੂਦ ਉਸ ਮਗਰੋਂ ਰਾਜਾ ਵੜਿੰਗ ਪਾਰਟੀ ਵਿਚਲੀ ਧੜੇਬੰਦੀ ਨੂੰ ਖਤਮ ਕਰਨ ’ਚ ਸਫਲ ਨਹੀਂ ਹੋ ਸਕੇ। ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਲੜੀਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਇਕੱਲੇ ਬਰਨਾਲਾ ਹਲਕੇ ਨੂੰ ਛੱਡਕੇ ਕਿਸੇ ’ਚ ਵੀ ਕਾਮਯਾਬੀ ਨਹੀਂ ਹੋ ਸਕੀ। ਇੱਥੋਂ ਤੱਕ ਕਿ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਜੱਦੀ ਸੀਟ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਏ ਸਨ।
ਪੰਚਾਇਤੀ ਅਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ’ਚ ਵੀ ਕਾਂਗਰਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। ਹਾਲਾਂਕਿ ਜਿਮਨੀ ਚੋਣਾਂ ’ਚ ਕਾਂਗਰਸ ਦੇ ਹਾਰਨ ਦਾ ਕਾਰਨ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਮਰਹੂਮ ਨੇਤਾ ਬੂਟਾ ਸਿੰਘ ਖ਼ਿਲਾਫ਼ ਜਾਤੀ ਸੂਚਕ ਬਿਆਨਬਾਜ਼ੀ ਅਤੇ ਬਾਰਾਂ ਪਾਂਜੇ ਸੱਠ ਵਰਗੇ ਹਾਸੋਹੀਣੇ ਬਿਆਨ ਦੱਸੇ ਜਾਂਦੇ ਹਨ ਜਿਨ੍ਹਾਂ ਨੇ ਪਾਰਟੀ ਦੀ ਜਨਤਕ ਤੌਰ ’ਤੇ ਕਿਰਕਿਰੀ ਕਰਾਈ ਪਰ ਹਾਰ ਦੀ ਇੱਕ ਵੱਡੀ ਵਜ੍ਹਾ ਅੰਦਰੂਨੀ ਕਲੇਸ਼ ਵੀ ਸੀ। ਇਸ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਅੰਦਰੋਂ ਅੰਦਰੀਂ ਰਾਜਾ ਵੜਿੰਗ ਨਾਲ ਅਜਿਹੀ ਖੜਕੀ ਜੋ ਵੱਡੇ ਕੁੱਤ ਕਲੇਸ਼ ’ਚ ਬਦਲ ਗਈ। ਇਨ੍ਹਾਂ ਵਿਵਾਦਾਂ ਕਾਰਨ ਹੁਣ ਕਰੀਬ ਪੰਜ ਸਾਲ ਬਾਅਦ ਪੰਜਾਬ ਕਾਂਗਰਸ ਨੇ 2021 ਵਾਲੇ ਨਾਟਕ ਦੀ ਮੁੜ ਪੇਸ਼ਕਾਰੀ ਕੀਤੀ ਹੈ। ਨਾਟਕ ਦੇ ਕੁੱਝ ਕਿਰਦਾਰ ਬਦਲੇ ਸਨ ਪਰ ਕਹਾਣੀ ਲੱਗਭਗ ਉਹੋ ਜਿਹੀ ਹੀ ਸੀ ਜਿਸ ਦਾ ਸਿੱਟਾ ਰਾਜਾ ਵੜਿੰਗ ਦੀ ਛੁੱਟੀ ਕਰਨ ਦੇ ਰੂਪ ’ਚ ਨਿਕਲਿਆ ਹੈ।





No comments yet. Be the first to share your thoughts.