· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines

ਲੰਬੀ : ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ

Sign in to save

 

 

 

ਬਠਿੰਡਾ , 23  ਨਵੰਬਰ 2026 : ਹਲਕਾ ਲੰਬੀ ’ਚ ਐਤਕੀਂ ਸਿਆਸੀ ਰਾਹ ਕਿਸੇ ਲਈ ਵੀ ਐਨੇ ਮੋਕਲੇ ਨਹੀਂ ਜਾਪ ਰਹੇ ਹਨ । ਲੰਬੀ ਬਾਦਲਾਂ ਦਾ ਗੜ੍ਹ ਹੈ ਜਿੱਥੇ ਕੋਈ ਛਿੱਕ ਵੀ ਮਾਰੇ ਤਾਂ ਬਾਦਲ ਪ੍ਰੀਵਾਰ ਨੂੰ ਖਬਰ ਹੋ ਜਾਂਦੀ ਹੈ। ਐਤਕੀਂ ਸੱਤਾਧਾਰੀ ‘ਆਪ’ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਭਤੀਜੇ ਰਣਧੀਰ ਖੁਡੀਆਂ ਨੂੰ ਉਮੀਦਵਾਰ ਬਣਾਇਆ ਹੈ  ਤਾਂ ਲੰਬੀ ਨਵੇਂ ਸਿਆਸੀ ਸੁਨੇਹੇਂ ਦਿੰਦੀ ਜਾਪਦੀ ਹੈ । ਇਸ ਵਾਰ ਲੰਬੀ ਤੋਂ ਬਾਦਲ ਅਤੇ ਖੁੁਡੀਆਂ ਪ੍ਰੀਵਾਰ ਦੀ ਅਗਲੀ ਪੀੜ੍ਹੀ ’ਚ ਸਿਆਸੀ ਮੁਕਾਬਲਾ ਹੋ ਸਕਦਾ ਹੈ।  ਇਸ ਤਰਾਂ ਜਲਾਲਾਬਾਦ ਤੋਂ ਤਿੰਨ ਵਾਰ ਚੋਣ ਜਿੱਤੇ ਸੁਖਬੀਰ ਸਿੰਘ ਬਾਦਲ ’ਤੇ ਆਪਣੇ ਪਿਤਾ ਦੀ ਵਿਰਾਸਤ ਨੂੰ ਬਹਾਲ ਕਰਨਾ ਚੁਣੌਤੀ ਅਤੇ ਖੁਡੀਆਂ ਲਈ ਕਬਜਾ ਬਰਕਰਾਰ ਰੱਖਣਾ ਅਗਨੀ ਪ੍ਰੀਖਿਆ ਬਣੇਗਾ। ਹੁਣ ਨਜ਼ਰਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਹਨ ਜੋ ਪਿਤਾ ਦੀ ਸਿਆਸੀ ਗੁੜ੍ਹਤੀ ਕਰਕੇ ਲੰਬੀ ਦੀਆਂ ਰਾਹਾਂ ਤੋਂ ਬਾਖੂਬੀ ਵਾਕਫ ਹਨ।
                  ਧੀਰਾ ਖੁਡੀਆਂ ਨੇ ਪਹਿਲ ਕਰਦਿਆਂ 2022 ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਸਰਦਾਰੀ ਨੂੰ ਵੱਡਾ ਝਟਕਾ ਦੇਣ ਵਾਲੇ ਆਪਣੇ ਚਾਚੇ ਗੁਰਮੀਤ ਸਿੰਘ ਖੁਡੀਆਂ ਨਾਲ ਚੋਣ ਮੁਹਿੰਮ ਵੀ ਵਿੱਢ ਦਿੱਤੀ ਹੈ। ਮੰਤਰੀ ਖੁੱਡੀਆਂ ਦਾ ਕਹਿਣਾ ਸੀ ਕਿ 2022 ’ਚ ਰਣਧੀਰ ਖੁੱਡੀਆਂ ਨੇ ਪੂਰੀ ਮਿਹਨਤ ਕੀਤੀ ਸੀ ਅਤੇ ਹੁਣ ਉਹ ਧੀਰਾ ਖੁੱਡੀਆਂ ਨੂੰ ਜਿਤਾਉਣ ਲਈ ਜ਼ੋਰ ਲਾਉਣਗੇ। ਧੀਰਾ ਖੁਡੀਆਂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ’ ’ਤੇ ਰੀਲ ਪਾਕੇ ਵਿਰੋਧੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੂੰ ਹਲਕੇ ’ਚ ਲੈਣਾ ਭੁੱਲ ਹੋਵੇਗੀ। ਓਧਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ 2023 ’ਚ ਹੋਈ ਮੌਤ ਉਪਰੰਤ ਅਜੇ ਤੱਕ ਹਲਕਾ ਇੰਚਾਰਜ  ਹੀ ਨਹੀਂ ਬਣਾਇਆ ਹੈ।  ਧੀਰਾ ਖੁਡੀਆਂ ਹਲਕੇ ਦੇ ਪਿੰਡਾਂ ਭਲਵਾਨੀ ਗੇੜੇ ਮਾਰ ਰਹੇ  ਹਨ ਜਦੋਂਕਿ ਬਾਦਲ ਪ੍ਰੀਵਾਰ ਫਿਲਹਾਲ ਚੁੱਪ ਹੈ।
                          ਸਿਆਸੀ ਮਾਹਿਰਾਂ ਦਾ ਕਹਿਣਾ ਹੈ ਬਾਦਲਾਂ ਦਾ ਹਰ ਪੈਂਤੜਾ ਰਾਜਨੀਤੀ ਦੇ  ਨਜ਼ਰੀਏ ਤੋਂ ਹੁੰਦਾ ਹੈ ਜਿਸ ਕਰਕੇ ਲੰਬੀ ’ਚ  ਚੁੱਪ ਰਹਿਣ ਪਿੱਛੇ ਵੀ ਕਿਸੇ ਵੱਡੀ ਸਿਆਸੀ ਰਣਨੀਤੀ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਲੰਬੀ ਅਜਿਹਾ ਹਲਕਾ ਹੈ ਜਿਸ ’ਤੇ ਅਕਾਲੀ ਭਾਜਪਾ ਵਿਚਕਾਰ ਗਠਜੋੜ ਹੋਣ ਦਾ ਵੀ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ। ਸਿਆਸੀ ਹਲਕਿਆਂ ਵਿੱਚ ਵੀ ਇਹੋ ਚਰਚਾ ਹੈ ਕਿ ਲੰਬੀ ਤੋਂ ਬਾਦਲ ਪ੍ਰੀਵਾਰ ਦਾ ਮੈਂਬਰ ਹੀ ਚੋਣ ਲੜੇਗਾ ਜੋ ਸੁਖਬੀਰ ਬਾਦਲ ਹੀ ਹੋਣਗੇ।  ਦੇਖਿਆ ਜਾਏ ਤਾਂ  ਧੀਰਾ ਖੁਡੀਆਂ ਲਈ ਵੀ ਲੰਬੀ ਦੀਆਂ ਰਾਹਾਂ 2022 ਵਾਂਗ ਅਸਾਨ ਨਹੀਂ ਹਨ। ਹਲਕੇ ਦੇ ਅਕਾਲੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਪਾਰਟੀ ਨੇ ਉਸ ਮੌਜੂਦਾ ਮੰਤਰੀ ਦੀ ਥਾਂ ਨਵਾਂ ਉਮੀਦਵਾਰ ਕਿਉਂ ਚੁਣਿਆ , ਜਿਸ ਨੇ  ਸ਼ੋਮਣੀ ਅਕਾਲੀ ਦਲ ਦੇ ਸਭ ਤੋਂ ਕੱਦਾਵਰ ਆਗੂ ਨੂੰ ਹਰਾਉਣ ਤੋਂ ਇਲਾਵਾ ਉਸ ਦੀ ਲਗਾਤਾਰ ਪੰਜ ਜਿੱਤਾਂ ਦੀ ਲੜੀ ਤੋੜੀ ਸੀ।
                ਮੰਤਰੀ ਖੁੱਡੀਆਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਸੀ ਕਿਉਂਕਿ ਸੰਕਟਮੋਚਕ ਵਜੋਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਉਪਰੰਤ ਉੱਠੇ ਸੰਘਰਸ਼ ਦਰਮਿਆਨ ਝੋਟਾ ਦੇ ਪਰਿਵਾਰ ਨੂੰ ਪੋਸਟਮਾਰਟਮ ਅਤੇ ਸਸਕਾਰ ਲਈ ਸਹਿਮਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਚੰਡੀਗੜ੍ਹ - ਮੋਹਾਲੀ ਸਰਹੱਦ ’ਤੇ ਕਿਸਾਨਾਂ ਦੇ ਧਰਨੇ ਦਾ ਹੱਲ ਕੱਢਣ ਵਿੱਚ ਵੀ ਖੁੱਡੀਆਂ ਦਾ ਯੋਗਦਾਨ  ਸੀ।  ਅਕਾਲੀ ਵਰਕਰਾਂ ਆਖਦੇ ਹਨ ਕਿ ਇਸ ਦੇ ਬਾਵਜੂਦ ਮੰਤਰੀ ਖੁਡੀਆਂ ਨੂੰ ਟਿਕਟ ਨਾਂ ਦੇਣਾ ਸਿਆਸੀ ਚੱਕ ਥੱਲ ਵਾਲਾ ਫੈਸਲਾ ਹੈ। ਹਲਕੇ ’ਚ ਖੁੱਡੀਆਂ ਦੇ ਦਿੱਲੀ ਲੀਡਰਸ਼ਿਪ ਨਾਲ ਕਥਿਤ ਮਤਭੇਦਾਂ ਦੀਅ ਗੱਲ ਵੀ ਚੱਲ ਰਹੀ ਹੈ ਅਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਉਨ੍ਹਾਂ ਦੀ ਨੇੜਤਾ ਸਬੰਧੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਮੰਤਰੀ ਖੁਡੀਆਂ ਆਖ ਚੁੱਕੇ ਹਨ ਕਿ ਉਹ ਪਾਰਟੀ ਦੇ ਫ਼ੈਸਲੇ ਤੋਂ ਸੰਤੁਸ਼ਟ ਹਨ ਜਿਸ ਨੇ 2022 ’ਚ ਉਨ੍ਹਾਂ ਨੂੰ ਲੰਬੀ ਤੋਂ ਟਿਕਟ ਦੇਕੇ ਵਿਧਾਇਕ ਤੇ ਫਿਰ ਮੰਤਰੀ ਬਣਾਇਆ ਸੀ।
                  ਮੰਤਰੀ ਖੁੱਡੀਆਂ ਦੇ ਭਤੀਜੇ ਰਣਧੀਰ ਸਿੰਘ ‘ਧੀਰਾ’ ਖੁੱਡੀਆਂ ਪਿਛਲੇ ਕਰੀਬ ਦੋ ਸਾਲਾਂ ਤੋਂ ਸਿਆਸੀ ਤੌਰ ’ਤੇ ਬਹੁਤੇ ਜਿਆਦਾ ਸਰਗਰਮ ਨਹੀਂ ਸਨ । ਧੀਰਾ ਖੁਡੀਆਂ ਨੂੰ ਇਸ ਸਾਲ ਜੂਨ ਵਿੱਚ ਹੀ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ ਅਤੇ ਹੁਣ ਮੰਤਰੀ ਖੁਡੀਆਂ ਦੀ ਟਿਕਟ ਕੱਟਕੇ ਉਨ੍ਹਾਂ ਨੂੰ ਲੰਬੀ ਤੋਂ ਉਮੀਦਵਾਰ ਬਣਾ ਲਿਆ ਹੈ। ਓਧਰ ਅਕਾਲੀ ਭਾਜਪਾ ਗਠਜੋੜ ਦੀ ਸੂਰਤ ਵਿੱਚ ਭਾਜਪਾ ਦੇ ਮੇਜਰ ਭੁਪਿੰਦਰ ਸਿੰਘ ਢਿੱਲੋਂ (ਸੇਵਾਮੁਕਤ) ਦੀ ਦਾਅਵੇਦਾਰੀ ਨੂੰ ਝਟਕਾ ਲੱਗ ਸਕਦਾ ਹੈ। ਉਹ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਸਾਬਕਾ ਸਿਆਸੀ ਸਕੱਤਰ ਵੀ ਹਨ। ਕਾਂਗਰਸ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਦੇ ਪੁੱਤਰ ਫਤਿਹ ਬਾਦਲ ਨੂੰ ਟਿਕਟ ਮਿਲਣ ਦੀ ਉਮੀਦ ਹੈ। ਸਾਲ 2022 ’ਚ ਤੀਸਰੇ ਸਥਾਨ ’ਤੇ ਰਹਿਣ ਵਾਲੇ  ਜਗਪਾਲ ਸਿੰਘ ਅਬੁਲਖੁਰਾਣਾ ਵੀ ਕਾਂਗਰਸੀ ਟਿਕਟ ਦੇ ਚਾਹਵਾਨ ਹਨ ਜਦੋਂਕਿ ਬਾਕੀ ਧਿਰਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।        
              ਸੁਖਬੀਰ ਲੜਨਗੇ ਚੋਣ: ਚੀਮਾ
 ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਬੇਸ਼ੱਕ ਐਲਾਨ ਪਾਰਟੀਂ ਨੇ ਕਰਨਾ ਹੈ ਪਰ ਸਿਆਸੀ ਕਰਮਭੂਮੀ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਚੋਣ ਲੜ ਸਕਦੇ ਹਨ। ਧੀਰਾ ਖੁਡੀਆਂ ਨੂੰ ਉਮੀਦਵਾਰ ਬਨਾਉਣ ਸਬੰਧੀ ਉਨ੍ਹਾਂ ਕਿਹਾ ਕਿ ਕੋਈ ਵੀ ਮੈਦਾਨ ’ਚ ਹੋਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਚਾਰ ਹਮੇਸ਼ਾ ਜਾਰੀ ਰਹਿੰਦਾ ਹੈ।

Comments

Leave a Comment

No comments yet. Be the first to share your thoughts.