About us

ਪੰਜਾਬੀ ਵੇਵਜ਼ ਦਾ ਮੁੱਖ ਉਦੇਸ਼

ਇਸ ਸਮੇਂ ਸਾਡੇ ਪੰਜਾਬ ਅੰਦਰ ਕਈ ਦਰਜਨ ਰੋਜਾਨਾ ਪੰਜਾਬੀ ਅਖ਼ਬਾਰ ਅਤੇ ਵੈੱਬਪੋਰਟਲ ਚਲ ਰਹੇ ਹਨ। ਸਾਰੇ ਹੀ ਆਪਣੇ ਆਪਣੇ ਵਿੱਤ ਅਨੁਸਾਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਕੰਮ ਵੀ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਸਾਨੂੰ ਇਹ ਮਹਿਸੂਸ ਹੋਇਆ ਕਿ ਹਾਲੀ ਵੀ ਕਿਤੇ ਨਾ ਕਿਤੇ ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਦੇ ਫ਼ਰਜਾਂ ਵਿੱਚ ਕੋਈ ਨਾ ਕੋਈ ਘਾਟ ਜ਼ਰੂਰ ਹੈ, ਜਿਸ ਲਈ ਸਾਨੂੰ ਵੀ ਉਹ ਘਾਟ ਦੂਰ ਕਰਨ ਲਈ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਮੰਤਵ ਦੀ ਪੂਰਤੀ ਲਈ ਅਸੀਂ ਇਹ ਫ਼ੈਸਲਾ ਲੈ ਲਿਆ ਹੈ ਕਿ ਸਾਨੂੰ ਵੀ ਪੰਜਾਬੀ ਦਾ ਇੱਕ ਵੈੱਬਪੋਰਟਲ ਆਨਲਾਈਨ ਅਖ਼ਬਾਰ ਸ਼ੁਰੂ ਕਰਨਾ ਚਾਹੀਦਾ ਹੈ। ਜੋ ਦਮਗਜ ਮਾਰਨ ਦੀ ਬਜਾਏ ਆਪਣੇ ਉਦੇਸ਼ ਦੀ ਪੂਰਤੀ ਵੱਲ ਆਪਣੇ ਕਦਮ ਵਧਾਉਂਦਾ ਹੀ ਜਾਵੇ। ਫਿਰ ਸਵਾਲ ਇਹ ਪੈਦਾ ਹੋਂਣ ਲੱਗਿਆ ਕਿ ਸਾਡੇ ਅਖ਼ਬਾਰ ਲਈ ਢੁੱਕਵਾਂ ਨਾਮ ਕੀ ਹੋਵੇ। ਇਸ ਤੋਂ ਪਹਿਲਾਂ ਅਸੀਂ ਆਪਣਾ ਇੱਕ ਯੂਟਿਊਬ ਚੈੱਨਲ ਆਨਲਾਈਨ ਵੀ ਚਲਾ ਰਹੇ ਹਾਂ ਅਤੇ ਉਸਦੇ ਪਾਠਕ ਸੋਚਿਆ ਕਿ ਕਿਉਂ ਨਾ ਇਸ ਵੈੱਬਪੋਰਟਲ ਆਨਲਾਈਨ ਅਖ਼ਬਾਰ ਦਾ ਨਾਮ ਆਪਣੇ ਯੂਟਿਊਬ ਚੈੱਨਲ ਵਾਲਾ ਪੰਜਾਬੀ ਵੇਵਜ਼ ਹੀ ਰੱਖ ਲਿਆ ਜਾਵੇ,ਜਿਸ ਨਾਲ ਸਾਡੇ ਆਨਲਾਈਨ ਪਾਠਕਾਂ ਵਿੱਚ ਇਸ ਦੀ ਹੋਰ ਰੁਚੀ ਪੈਦਾ ਹੋਵੇਗੀ। ਇਸ ਦੇ ਨਾਲ ਹੀ ਇੱਕ ਹੋਰ ਸਵਾਲ ਸਾਡੇ ਅੱਗੇ ਸੀਨਾ ਤਾਣ ਕੇ ਆਣ ਖਲੋਤਾ ਕਿ ਸਾਡੇ ਪਾਠਕਾਂ ਤੋਂ ਪਹਿਲਾ ਸਾਡੇ ਪਿਆਰ ਤੇ ਪੰਜਾਬੀਅਤ ਦੇ ਮੁੱਦਈ ਸਾਡੇ ਬੁੱਧੀਜੀਵੀ ਮਿੱਤਰ ਹੀ ਹੱਥ ਧੋ ਕੇ ਸਾਡੇ ਮਗਰ ਪੈ ਜਾਣਗੇ ਕਿ ਉਹ ਪੰਜਾਬੀ ਦੀ ਕੀ ਸੇਵਾ ਕਰਨਗੇ। ਜਿਨ੍ਹਾਂ ਨੂੰ ਆਪਣੇ ਅਖ਼ਬਾਰ ਲਈ ਪੰਜਾਬੀ ਦਾ ਕੋਈ ਢੁੱਕਵਾਂ ਨਾਮ ਹੀ ਨਹੀਂ ਮਿਲਿਆ। ਫਿਰ ਸਾਨੂੰ ਆਪਣੇ ਆਪ ਹੀ ਇਸ ਦਾ ਉੱਤਰ ਵੀ ਮਿਲ ਗਿਆ ਕਿ ਪੰਜਾਬੀ, ਟ੍ਰਿਬਿਊਨ, ਸਪੋਕਸਮੈਨ ਅਤੇ ਪੰਜਾਬ ਟਾਈਮਜ਼ ਵੀ ਤਾਂ ਅੰਗਰੇਜ਼ੀ ਨਾਮ ਹੀ ਹਨ। ਫਿਰ ਸਾਨੂੰ ਪਹਿਲਾਂ ਤੋਂ ਹੀ ਚੱਲ ਰਹੇ ਆਨਲਾਈਨ ਯੂਟਿਊਬ ਚੈੱਨਲ ਦੇ ਪੰਜਾਬੀ ਵੇਵਜ਼ ਨਾਮ ਰੱਖਣ ਵਿੱਚ ਕੀ ਹਰਜ਼ ਹੈ।
ਹੋਲੀ ਹੋਲੀ ਜਦੋਂ ਸਾਡਾ ਪੰਜਾਬੀ ਵੇਵਜ਼ ਸਾਡੇ ਲੋਕਾਂ ਦੀ, ਸਾਡੀ ਮਾਂ ਬੋਲੀ ਦੀ ਗੱਲ ਕਰੇਗਾ, ਆਪਣੇ ਆਪ ਹੀ ਲੋਕਾਂ ਦੀ ਜੁਬਾਨ ਤੇ ਚੜ੍ਹ ਜਾਵੇਗਾ। ਨਾ ਨਾਲ ਕੋਈ ਫ਼ਰਕ ਨਹੀਂ ਪੈਣਾ, ਫ਼ਰਕ ਤਾਂ ਇਸ ਨਾਲ ਪੈਣਾ ਹੈ ਕਿ ਅਸੀਂ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਕਿੰਨੀ ਕੁ ਸੇਵਾ ਕਰ ਰਹੇ ਹਾਂ। ਇਸ ਲਈ ਆਪਣੇ ਮਿੱਤਰਾਂ ਅਤੇ ਸੀਨੀਅਰ ਪੱਤਰਕਾਰਾਂ ਨਾਲ ਰਾਇ ਮੁਸ਼ਵਰਾ ਕਰਕੇ ਗੁਰਮਤਾ ਕਰ ਲਿਆ ਤੇ ਜੈਕਾਰਾ ਛੱਡ ਦਿੱਤਾ ਅਤੇ ਪੰਜਾਬੀ ਵੇਵਜ਼ ਨਾਲ ਮੈਦਾਨ ਵਿੱਚ ਕੁੱਦ ਪਏ। ਹੁਣ ਅਸੀਂ ਆਪਣੇ ਮੰਤਵ ਤੇ ਉਦੇਸ਼ ਦੀ ਪੂਰਤੀ ਵਿੱਚ ਕਿੰਨੇ ਕੁ ਸਫ਼ਲ ਹੁੰਦੇ ਹਾਂ। ਇਹ ਤਾਂ ਸਾਡੀਆਂ ਪੰਜਾਬੀ ਸੇਵਾਵਾਂ ਨੇ ਹੀ ਸਿੱਧ ਕਰਨਾ ਹੈ ਨਾ ਕਿ ਫ਼ੋਕੀ ਫੜ੍ਹ ਨੇ। ਸੋਂ ਪੰਜਾਬੀ ਮਿੱਤਰੋਂ ਤੁਹਾਡੇ ਹੁੰਗਾਰੇ ਬਿਨਾਂ ਕਿਵੇ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਾਗੇ। ਹਾਂ ਸਾਡੇ ਸਤਿਕਾਰਯੋਗ ਪਾਠਕ ਸੰਪਾਦਕ ਦੇ ਨਾਅ ਚਿੱਠੀਆਂ ਵਿੱਚ ਸਾਡੀਆਂ ਫੋਕੀਆ ਸਿਫ਼ਤਾਂ ਕਦੇ ਵੀ ਨਾ ਕਰਨ। ਸਗੋਂ ਉਸਾਰੂ ਸੋਚ ਕਰਕੇ ਸਾਡਾ ਮਾਰਗ ਦਰਸ਼ਕ ਕਰਦੇ ਰਹਿਣ ਇਸੇ ਉਮੀਦ ਤੇ ਪਾਠਕਾਂ ਦੀ ਨਜ਼ਰ ਹੈ ਇਹ ਨਜ਼ਰਾਨਾ।
ਦਵਿੰਦਰ ਸਿੰਘ ਸੋਢੀ
ਮੁੱਖ ਸੰਪਾਦਕ